ਭੇਡ ਅਤੇ ਬੱਕਰੀ ਪਾਲਣ ਧੰਦੇ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਡਿਪਟੀ ਡਾਇਰੈਕਟਰ ਡਾ. ਬਲਬੀਰ ਸਿੰਘ ਖੱਦਾ ਦੀ ਅਗਵਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ, ਐਸ.ਏ.ਐਸ. ਨਗਰ ਦੁਆਰਾ ਮਿਤੀ 05.05.26 ਤੋਂ 11.05.26 ਤੱਕ ਕਿੱਤਾ ਮੁੱਖੀ ਸਿਖਲਾਈ ਕੋਰਸ ਲਗਾਇਆ ਗਿਆ। ਇਹ ਸਿਖਲਾਈ ਕੋਰਸ ਕਿਸਾਨਾਂ ਦੇ ਹੁਨਰ ਵਧਾਉਣ ਲਈ ਅਤੇ ਨਵੀਆਂ ਤਕਨੀਕਾਂ ਅਪਣਾ ਕੇ ਭੇਡ ਅਤੇ ਬੱਕਰੀ ਪਾਲਣ ਕਿੱਤੇ ਦੀ ਸ਼ੁਰੂਆਤ ਕਰਨ ਲਈ ਕਰਵਾਇਆ ਗਿਆ। ਡਾ. ਖੱਦਾ ਨੇ ਭੇਡ ਅਤੇ ਬੱਕਰੀ ਦੀਆਂ ਨਸਲਾਂ ਅਤੇ ਪ੍ਰਜਨਣ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਭੇਡਾਂ ਅਤੇ ਬੱਕਰੀਆਂ ਦੀਆਂ ਵੱਖ-ਵੱਖ ਸ਼੍ਰੇਣੀਆਂ, ਉਮਰ, ਸਮੂਹਾਂ ਲਈ ਫੀਡ ਤਿਆਰ ਕਰਨ ਬਾਰੇ ਵੀ ਚਾਨਣਾ ਪਾਇਆ। ਪ੍ਰੋਗਰਾਮ ਦੌਰਾਨ ਡਾ. ਕੋਮਲ ਨੇ ਭੇਡਾਂ ਅਤੇ ਬੱਕਰੀਆਂ ਦੇ ਸ਼ੈੱਡ, ਗੱਭਣ ਪਸ਼ੂ, ਦੁਧਾਰੂ ਪਸ਼ੂ ਅਤੇ ਮੇਮਣਿਆਂ ਦੀ ਸਾਂਭ-ਸੰਭਾਲ, ਬਿਮਾਰੀਆਂ ਤੋਂ ਬਚਾਅ ਅਤੇ ਟੀਕਾਕਰਨ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ। ਉਹਨਾਂ ਨੇ ਕਿਸਾਨਾਂ ਨੂੰ ਭੇਡ ਅਤੇ ਬੱਕਰੀ ਪਾਲਣ ਦੇ ਕਿੱਤੇ ਤੋਂ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਬਾਰੇ ਵੀ ਪ੍ਰੇਰਿਤ ਕੀਤਾ। ਡਾ. ਕੋਮਲ ਨੇ ਕਿਸਾਨਾਂ ਨੂੰ ਕੇ.ਵੀ.ਕੇ ਅਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਵੱਲੋਂ ਦਿੱਤੀਆਂ ਜਾਂਦੀਆਂ ਵੱਖ-ਵੱਖ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਜੀਵਨਜੋਤ ਕੌਰ, ਵੈਟਨਰੀ ਡਾਕਟਰ, ਦਾਊਂ ਮਾਜਰਾ, ਨੇ ਰਾਸ਼ਟਰੀ ਪਸ਼ੂਧਨ ਮਿਸ਼ਨ ਅਤੇ ਮਾਰਕੇਟਿੰਗ ਦੇ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੇ ਅੰਤ ਵਿੱਚ ਸਿਖਿਆਰਥੀਆਂ ਨੇ ਕੇ.ਵੀ.ਕੇ. ਟੀਮ ਦਾ ਇਸ ਪ੍ਰੋਗਰਾਮ ਨੂੰ ਉਲੀਕਣ ਲਈ ਧੰਨਵਾਦ ਕੀਤਾ।




